ਭਾਰਤ 'ਚ 'ਕੋਰਫਬਾਲ ਪ੍ਰੀਮੀਅਰ ਲੀਗ' ਦਾ ਹੋਣ ਜਾ ਰਿਹਾ ਆਗਾਜ਼
ਕੋਰਫਬਾਲ ਫੈਡਰੇਸ਼ਨ ਆਫ ਇੰਡੀਆ (KFI) ਵੱਲੋਂ 'ਸਪੋਰਟੀ ਭਾਰਤ' ਅਤੇ 'ਫੋਰਨ ਕੋਰਸਪੌਂਡੈਂਟਸ ਕਲੱਬ' (FCC) ਆਫ ਸਾਊਥ ਏਸ਼ੀਆ ਦੇ ਸਹਿਯੋਗ ਨਾਲ 10 ਅਪ੍ਰੈਲ 2026 ਨੂੰ ਨਵੀਂ ਦਿੱਲੀ ਦੇ ਸ਼ਾਂਗਰੀ-ਲਾ ਐਰੋਸ ਵਿਖੇ ਅਧਿਕਾਰਤ ਤੌਰ 'ਤੇ 'ਕੋਰਫਬਾਲ ਪ੍ਰੀਮੀਅਰ ਲੀਗ' (KPL) ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਲੀਗ ਦੇ ਆਗਾਜ਼ ਨਾਲ ਭਾਰਤੀ ਖੇਡ ਜਗਤ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਕੋਰਫਬਾਲ ਪ੍ਰੀਮੀਅਰ ਲੀਗ (KPL) ਭਾਰਤੀ ਖੇਡਾਂ ਲਈ ਇੱਕ ਇਤਿਹਾਸਕ ਮੋੜ ਹੈ। ਇਹ ਲੀਗ 45 ਸਾਲਾਂ ਦੀ ਪੁਰਾਣੀ ਵਿਰਾਸਤ ਨੂੰ ਹੁਣ ਇੱਕ ਪ੍ਰੋਫੈਸ਼ਨਲ ਲੀਗ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਕੋਰਫਬਾਲ ਦੁਨੀਆ ਦੀਆਂ ਉਨ੍ਹਾਂ ਚੁਣਿੰਦਾ ਖੇਡਾਂ ਵਿੱਚੋਂ ਇੱਕ ਹੈ ਜਿਸ ਵਿੱਚ ਮੁੰਡੇ ਅਤੇ ਕੁੜੀਆਂ (Mixed-gender) ਇੱਕੋ ਟੀਮ ਵਿੱਚ ਇਕੱਠੇ ਮਿਲ ਕੇ ਖੇਡਦੇ ਹਨ। KPL ਦੇ ਆਉਣ ਨਾਲ ਇਸ ਖੇਡ ਨੂੰ ਇੱਕ ਨਵੀਂ ਪਛਾਣ ਮਿਲੇਗੀ।
ਭਾਰਤ ਨੇ 1982 ਵਿੱਚ ਅੰਤਰਰਾਸ਼ਟਰੀ ਕੋਰਫਬਾਲ ਫੈਡਰੇਸ਼ਨ (IKF) ਨਾਲ ਜੁੜਨ ਤੋਂ ਬਾਅਦ, ਕੋਰਫਬਾਲ ਦੀ ਗਲੋਬਲ ਯਾਤਰਾ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਭਾਰਤ ਨੇ 1995 ਵਿੱਚ 'IKF ਵਰਲਡ ਕੋਰਫਬਾਲ ਚੈਂਪੀਅਨਸ਼ਿਪ' ਦੀ ਮੇਜ਼ਬਾਨੀ ਕਰਕੇ ਇਤਿਹਾਸ ਰਚਿਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਇਹ ਟੂਰਨਾਮੈਂਟ ਯੂਰਪ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਕਰਵਾਇਆ ਗਿਆ ਸੀ।