ਬਿਜਲੀ ਵਿਭਾਗ ਵੱਲੋਂ ਕੱਟੇ ਜਾ ਰਹੇ ਨੇ ਕੰਨੇਕਸ਼ਨ, ਜੇ ਤੁਸੀਂ ਬਿੱਲ ਨਹੀਂ ਭਰਿਆ ਤਾਂ ਹੋ ਜਾਓ ਸਾਵਧਾਨ
Edited by Admin | Updated: Wed, 19 Aug 2026 11:34:57
ਬਿਜਲੀ ਵਿਭਾਗ ਵੱਲੋਂ ਕੱਟੇ ਜਾ ਰਹੇ ਨੇ ਕੰਨੇਕਸ਼ਨ, ਜੇ ਤੁਸੀਂ ਬਿੱਲ ਨਹੀਂ ਭਰਿਆ ਤਾਂ ਹੋ ਜਾਓ ਸਾਵਧਾਨ

ਮੰਡੀ ਅਰਨੀਵਾਲਾ (ਹੈਵਨ ਇੰਡੀਆ ਟੀਵੀ ਬਿਊਰੋ): ਬਿਜਲੀ ਦੇ ਬਕਾਇਆ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਖ਼ਪਤਕਾਰਾਂ ਖ਼ਿਲਾਫ਼ ਬਿਜਲੀ ਵਿਭਾਗ ਨੇ ਸਖ਼ਤੀ ਵਧਾ ਦਿੱਤੀ ਹੈ। ਬਕਾਇਆ ਰਕਮ ਦੀ ਵਸੂਲੀ ਲਈ ਵਿਭਾਗ ਵੱਲੋਂ ਡਿਫਾਲਟਰ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਐੱਸ.ਡੀ.ਓ. ਅਰਨੀਵਾਲਾ ਜਸਪ੍ਰੀਤ ਸਿੰਘ ਮੱਲ੍ਹਣ ਨੇ ਦੱਸਿਆ ਕਿ ਜਿਹੜੇ ਖ਼ਪਤਕਾਰ ਲੰਬੇ ਸਮੇਂ ਤੋਂ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਕਾਇਆ ਬਿੱਲ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਸਬੰਧਤ ਖ਼ਪਤਕਾਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।

ਵਿਭਾਗ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਇਆ ਬਿਜਲੀ ਬਿੱਲ ਸਮੇਂ ਸਿਰ ਜਮ੍ਹਾਂ ਕਰਵਾਉਣ, ਤਾਂ ਜੋ ਬਿਜਲੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਤੋਂ ਬਚਿਆ ਜਾ ਸਕੇ। ਬਿਜਲੀ ਸਪਲਾਈ ਨਾਲ ਜੁੜੀ ਕਿਸੇ ਵੀ ਸਮੱਸਿਆ ਜਾਂ ਜਾਣਕਾਰੀ ਲਈ ਖ਼ਪਤਕਾਰ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

ਇਸ ਤੋਂ ਇਲਾਵਾ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਬਿੱਲ ਦੀ ਅਦਾਇਗੀ ਕੀਤੇ ਬਿਨਾਂ ਬਿਜਲੀ ਦੀ ਵਰਤੋਂ ਕਰਨਾ ਜਾਂ ਵਿਭਾਗ ਵੱਲੋਂ ਕੱਟੇ ਗਏ ਕੁਨੈਕਸ਼ਨ ਨੂੰ ਆਪਣੇ ਪੱਧਰ ’ਤੇ ਮੁੜ ਜੋੜਨਾ ਨਿਯਮਾਂ ਦੀ ਉਲੰਘਣਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸਬੰਧਤ ਵਿਅਕਤੀ ਖ਼ਿਲਾਫ਼ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਬਿਜਲੀ ਵਿਭਾਗ ਨੇ ਸਾਰੇ ਖ਼ਪਤਕਾਰਾਂ ਨੂੰ ਸਮੇਂ ਸਿਰ ਬਿੱਲਾਂ ਦੀ ਅਦਾਇਗੀ ਕਰਨ ਅਤੇ ਬਿਜਲੀ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਵਿਭਾਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

 

Share: