ਹਣੋਗੀ ਸੁਰੰਗ ’ਚ ਦੋ ਟਰੱਕਾਂ ਦੀ ਭਿਆਨਕ ਟੱਕਰ, 4 ਮੌਤਾਂ; 5 ਤੋਂ ਵੱਧ ਜ਼ਖਮੀ
ਨਾਗਵੈਨ (ਹੈਵਨ ਇੰਡੀਆ ਟੀਵੀ ਬਿਊਰੋ): ਮੰਡੀ ਜ਼ਿਲ੍ਹੇ ਵਿੱਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ’ਤੇ ਹਣੋਗੀ ਸੁਰੰਗ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਕਰੀਬ 6:30 ਵਜੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਤੋਂ ਵੱਧ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ, ਇੱਕ ਟਰੱਕ ਮੰਡੀ ਤੋਂ ਕੁੱਲੂ ਵੱਲ ਜਾ ਰਿਹਾ ਸੀ, ਜਦਕਿ ਦੂਜਾ ਟਰੱਕ ਕੁੱਲੂ ਤੋਂ ਮੰਡੀ ਵੱਲ ਆ ਰਿਹਾ ਸੀ। ਇਸੇ ਦੌਰਾਨ ਹਣੋਗੀ ਸੁਰੰਗ ਦੇ ਅੰਦਰ ਦੋਵਾਂ ਟਰੱਕਾਂ ਦੀ ਭਿਆਨਕ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਨਾਗਵੈਨ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਹਾਦਸੇ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਫਿਲਹਾਲ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪੂਰੀ ਪਛਾਣ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।