ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਕੇਂਦਰ ਸਰਕਾਰ ਨੇ ਖਰੀਫ਼ ਫਸਲਾਂ ਦੇ MSP ‘ਚ ਕੀਤਾ ਵਾਧਾ
Edited by Admin | Updated: Sun, 17 May 2026 14:45:55
ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਕੇਂਦਰ ਸਰਕਾਰ ਨੇ ਖਰੀਫ਼ ਫਸਲਾਂ ਦੇ MSP ‘ਚ ਕੀਤਾ ਵਾਧਾ

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਖ਼ਰੀਫ਼ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਮਾਰਕੀਟਿੰਗ ਸੀਜ਼ਨ 2026-27 ਲਈ 14 ਖ਼ਰੀਫ਼ ਫ਼ਸਲਾਂ ਦੇ MSP ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਜਾਣੋ ਕਿੰਨੀ ਵਧੀ MSP 

ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਇਸ ਵਾਰ ਸਭ ਤੋਂ ਵੱਧ ਵਾਧਾ ਸੂਰਜਮੁਖੀ ਦੇ ਬੀਜ ਦੇ MSP ਵਿੱਚ ਕੀਤਾ ਗਿਆ ਹੈ, ਜਿਸ ਵਿੱਚ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਕਪਾਹ 'ਤੇ 557 ਰੁਪਏ, ਨਾਈਜ਼ਰਸੀਡ 'ਤੇ 515 ਰੁਪਏ ਅਤੇ ਤਿਲ 'ਤੇ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਫ਼ਸਲਾਂ ਦੇ ਭਾਅ ਵਧਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਬਿਹਤਰ ਮੁੱਲ ਮਿਲ ਸਕੇਗਾ।

ਝੋਨੇ (ਕਾਮਨ) ਦਾ MSP 2,369 ਰੁਪਏ ਤੋਂ ਵਧਾ ਕੇ 2,441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜਦਕਿ ਗ੍ਰੇਡ-ਏ ਝੋਨੇ ਦਾ MSP 2,389 ਰੁਪਏ ਤੋਂ ਵਧਾ ਕੇ 2,461 ਰੁਪਏ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਜਰੇ ਦਾ MSP 2,775 ਰੁਪਏ ਤੋਂ ਵਧਾ ਕੇ 2,900 ਰੁਪਏ ਅਤੇ ਮੱਕੀ ਦਾ MSP 2,400 ਰੁਪਏ ਤੋਂ ਵਧਾ ਕੇ 2,410 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

ਦਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਦਿਆਂ, ਅਰਹਰ (ਤੂਰ ਦੀ ਦਾਲ) ਦਾ MSP 8,000 ਰੁਪਏ ਤੋਂ ਵਧਾ ਕੇ 8,450 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉੜਦ ਦਾ MSP 7,800 ਰੁਪਏ ਤੋਂ ਵਧਾ ਕੇ 8,200 ਰੁਪਏ ਅਤੇ ਮੂੰਗ ਦਾ MSP 8,768 ਰੁਪਏ ਤੋਂ ਵਧਾ ਕੇ 8,780 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

ਤੇਲਬੀਜ ਫ਼ਸਲਾਂ ਵਿੱਚ ਵੀ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਮੂੰਗਫਲੀ ਦਾ MSP 7,263 ਰੁਪਏ ਤੋਂ ਵਧਾ ਕੇ 7,517 ਰੁਪਏ, ਸੋਇਆਬੀਨ ਦਾ MSP 5,328 ਰੁਪਏ ਤੋਂ ਵਧਾ ਕੇ 5,708 ਰੁਪਏ, ਸੂਰਜਮੁਖੀ ਦੇ ਬੀਜ ਦਾ MSP 7,721 ਰੁਪਏ ਤੋਂ ਵਧਾ ਕੇ 8,343 ਰੁਪਏ ਅਤੇ ਤਿਲ ਦਾ MSP 9,846 ਰੁਪਏ ਤੋਂ ਵਧਾ ਕੇ 10,346 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

Share: