ਕੋਲਕਾਤਾ ਦੇ ਹੋਟਲ ’ਚ ਭਿਆਨਕ ਅੱਗ, 9 ਲੋਕਾਂ ਦੀ ਮੌਤ
ਕੋਲਕਾਤਾ (ਹੈਵਨ ਇੰਡੀਆ ਟੀਵੀ ਬਿਊਰੋ) : ਮੱਧ ਕੋਲਕਾਤਾ ਦੀ ਮਿਰਜ਼ਾ ਗਾਲਿਬ ਸਟਰੀਟ ਸਥਿਤ ਇੱਕ ਹੋਟਲ ਵਿੱਚ ਬੁੱਧਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋਏ ਹਨ। ਪੁਲਸ ਮੁਤਾਬਕ, ਇਹ ਹਾਦਸਾ ਕਰੀਬ 1:45 ਵਜੇ ਵਾਪਰਿਆ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੰਜ ਫਾਇਰ ਟੈਂਡਰ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਪੁਲਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀਆਂ ਟੀਮਾਂ ਵੀ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੋਟਲ ਵਿੱਚ ਧੂੰਆਂ ਬਹੁਤ ਸੰਘਣਾ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆਈ। ਉਨ੍ਹਾਂ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਟੀਮਾਂ ਦੀ ਸਭ ਤੋਂ ਵੱਡੀ ਤਰਜੀਹ ਸੀ।
ਅਧਿਕਾਰੀ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਮੌਕੇ 'ਤੇ ਕੂਲਿੰਗ ਆਪ੍ਰੇਸ਼ਨ ਜਾਰੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਫਾਇਰ ਡਿਪਾਰਟਮੈਂਟ ਦਾ ਮੁੱਖ ਦਫ਼ਤਰ ਹੋਟਲ ਦੀ ਇਮਾਰਤ ਦੇ ਨੇੜੇ ਹੀ ਸਥਿਤ ਹੈ।