ਨਾਇਬ ਸਿੰਘ ਸੈਣੀ ਦਾ ਪ੍ਰੋਗਰਾਮ ਰੱਦ, ਅਕਾਲੀ ਦਲ ਦੀ ਰੈਲੀ ’ਚ ਨਹੀਂ ਸਾਂਝੀ ਕੀਤੀ ਸਟੇਜ
Edited by Admin | Updated: Thu, 20 Aug 2026 12:36:58
ਨਾਇਬ ਸਿੰਘ ਸੈਣੀ ਦਾ ਪ੍ਰੋਗਰਾਮ ਰੱਦ, ਅਕਾਲੀ ਦਲ ਦੀ ਰੈਲੀ ’ਚ ਨਹੀਂ ਸਾਂਝੀ ਕੀਤੀ ਸਟੇਜ

ਸੰਗਰੂਰ (ਹੈਵਨ ਇੰਡੀਆ ਟੀਵੀ ਬਿਊਰੋ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਵਿੱਚ ਸ਼ਾਮਲ ਹੋਣ ਅਤੇ ਸਟੇਜ ਸਾਂਝੀ ਕਰਨ ਦਾ ਪ੍ਰੋਗਰਾਮ ਆਖ਼ਰੀ ਮੌਕੇ ’ਤੇ ਰੱਦ ਹੋ ਗਿਆ। ਸੈਣੀ ਦੇ ਅਚਾਨਕ ਰੈਲੀ ਤੋਂ ਪਿੱਛੇ ਹਟਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਸੈਣੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮੌਕੇ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ। ਇਸੇ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਰੈਲੀ ਵੀ ਕੀਤੀ ਜਾ ਰਹੀ ਸੀ, ਜਿੱਥੇ ਸੈਣੀ ਵੱਲੋਂ ਪਾਰਟੀ ਆਗੂਆਂ ਨਾਲ ਸਟੇਜ ਸਾਂਝੀ ਕਰਨ ਦੀ ਯੋਜਨਾ ਸੀ।

ਪਾਰਟੀ ਨਾਲ ਜੁੜੇ ਸੂਤਰਾਂ ਮੁਤਾਬਕ, ਬੀਤੇ ਦਿਨੀਂ ਭਾਜਪਾ ਦੀ ਇੱਕ ਅਹਿਮ ਮੀਟਿੰਗ ਵਿੱਚ ਸੈਣੀ ਦੇ ਇਸ ਦੌਰੇ ਅਤੇ ਰੈਲੀ ਵਿੱਚ ਸ਼ਾਮਲ ਹੋਣ ਸਬੰਧੀ ਚਰਚਾ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਆਪਣਾ ਪ੍ਰੋਗਰਾਮ ਰੱਦ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।

ਸੁਖਬੀਰ ਬਾਦਲ-ਮੋਦੀ ਮੁਲਾਕਾਤ ਨਾਲ ਜੋੜੀ ਜਾ ਰਹੀ ਕੜੀ

ਸਿਆਸੀ ਮਾਹਿਰਾਂ ਵੱਲੋਂ ਸੈਣੀ ਦੇ ਪ੍ਰੋਗਰਾਮ ਰੱਦ ਹੋਣ ਨੂੰ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਮੁਲਾਕਾਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਮੁਲਾਕਾਤ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੈ।

ਇਸੇ ਸਿਆਸੀ ਪਿਛੋਕੜ ਵਿੱਚ ਸੈਣੀ ਦਾ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਵਿੱਚ ਸਟੇਜ ਸਾਂਝੀ ਕਰਨ ਤੋਂ ਪਿੱਛੇ ਹਟਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ ਪ੍ਰੋਗਰਾਮ ਰੱਦ ਹੋਣ ਦਾ ਅਧਿਕਾਰਤ ਕਾਰਨ ਸਾਹਮਣੇ ਨਹੀਂ ਆਇਆ।

ਸੁਰੱਖਿਆ ਟੀਮ ਨੇ ਕੀਤਾ ਸੀ ਦੌਰਾ

ਜਾਣਕਾਰੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦਾ ਇੱਕ ਦਸਤਾ ਪਹਿਲਾਂ ਹੀ ਲੌਂਗੋਵਾਲ ਪਹੁੰਚਿਆ ਸੀ। ਟੀਮ ਵੱਲੋਂ ਕਥਿਤ ਤੌਰ ’ਤੇ ਦੋ ਥਾਵਾਂ ’ਤੇ ਹੈਲੀਪੈਡ ਲਈ ਜਗ੍ਹਾ ਦਾ ਜਾਇਜ਼ਾ ਵੀ ਲਿਆ ਗਿਆ ਸੀ। ਇਸ ਸਭ ਦੇ ਬਾਵਜੂਦ ਆਖ਼ਰੀ ਮੌਕੇ ’ਤੇ ਨਾਇਬ ਸਿੰਘ ਸੈਣੀ ਦਾ ਰੈਲੀ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਰੱਦ ਹੋ ਗਿਆ, ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਸ ਫੈਸਲੇ ਦੇ ਕਾਰਨਾਂ ਨੂੰ ਲੈ ਕੇ ਚਰਚਾ ਜਾਰੀ ਹੈ।

 

Share: