PUNBUS ਦੀ ਆੜ 'ਚ ਨਸ਼ਾ ਤਸਕਰੀ ਦਾ ਪਰਦਾਫਾਸ਼, 12 ਕਿਲੋ ਚੂਰਾ ਪੋਸਤ ਸਮੇਤ ਕੰਡਕਟਰ ਗ੍ਰਿਫ਼ਤਾਰ
Edited by Admin | Updated: Sat, 18 Jul 2026 14:36:48
PUNBUS ਦੀ ਆੜ 'ਚ ਨਸ਼ਾ ਤਸਕਰੀ ਦਾ ਪਰਦਾਫਾਸ਼, 12 ਕਿਲੋ ਚੂਰਾ ਪੋਸਤ ਸਮੇਤ ਕੰਡਕਟਰ ਗ੍ਰਿਫ਼ਤਾਰ

ਹੈਵਨ ਇੰਡੀਆ ਟੀਵੀ ਬਿਊਰੋ (ਗੁਰਪ੍ਰੀਤ ਸਿੰਘ) 

ਲੁਧਿਆਣਾ : ਸਰਕਾਰੀ ਬੱਸ ਸੇਵਾ ਦੀ ਆੜ ਹੇਠ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਕਰਨ ਦੇ ਇੱਕ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਪਨਬੱਸ ਡਿਪੂ ਦੇ ਜਾਂਚ ਅਮਲੇ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ 12 ਕਿਲੋ ਭੁੱਕੀ (ਚੂਰਾ ਪੋਸਤ) ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪਨਬੱਸ ਦੇ ਇੱਕ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਡਰਾਈਵਰ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਪਨਬੱਸ ਲੁਧਿਆਣਾ ਦੇ ਡਿਪੂ ਮੈਨੇਜਰ ਵੱਲੋਂ ਭੇਜੇ ਗਏ ਲਿਖਤੀ ਪੱਤਰ ਦੇ ਆਧਾਰ 'ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

 

ਪੁਲਿਸ ਮੁਤਾਬਕ ਡਿਪੂ ਦੇ ਜਾਂਚ ਅਮਲੇ ਨੇ ਸੰਗਰੂਰ ਦੇ ਵਾਸੀ ਡਰਾਈਵਰ ਗੋਬਿੰਦਰ ਸਿੰਘ ਅਤੇ ਕੰਡਕਟਰ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਕਾਕੂ ਵੱਲੋਂ ਬੱਸ ਰਾਹੀਂ ਨਸ਼ੀਲੇ ਪਦਾਰਥ ਲਿਜਾਣ ਸਬੰਧੀ ਜਾਣਕਾਰੀ ਦਿੱਤੀ ਸੀ।ਇਸ ਸੂਚਨਾ ਦੇ ਆਧਾਰ 'ਤੇ ਜਾਂਚ ਕੀਤੀ ਗਈ ਤਾਂ ਤਲਾਸ਼ੀ ਦੌਰਾਨ 12 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਿਸ ਨੇ ਮੌਕੇ 'ਤੇ ਮਨਪ੍ਰੀਤ ਸਿੰਘ ਉਰਫ਼ ਕਾਕੂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਗੋਬਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

 

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਚੂਰਾ ਪੋਸਤ ਕਿੱਥੋਂ ਲਿਆਂਦੀ ਗਈ ਸੀ, ਕਿਸ ਤੱਕ ਪਹੁੰਚਾਈ ਜਾਣੀ ਸੀ ਅਤੇ ਇਸ ਧੰਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ। ਜਾਂਚ ਪੂਰੀ ਹੋਣ ਉਪਰੰਤ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share: