ਸੰਸਦ 'ਚ ਗੂੰਜਿਆ 'ਯੂਥ ਪਾਵਰ': ਵਿਦਿਆਰਥੀਆਂ 'ਤੇ ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਆਰ-ਪਾਰ ਦੀ ਜੰਗ; ਆਗੂ ਬੋਲੇ- ਹਿੱਕ ਠੋਕ ਕੇ ਲੜਾਂਗੇ ਨੌਜਵਾਨਾਂ ਦੀ ਲੜਾਈ
ਜਲੰਧਰ (ਗੁਰਪ੍ਰੀਤ ਸਿੰਘ)
: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ 'ਤੇ ਹੋਈ ਪੁਲਿਸ ਕਾਰਵਾਈ ਅਤੇ ਪੇਪਰ ਲੀਕ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਰਾਤ ਦੇ ਹਨ੍ਹੇਰੇ 'ਚ ਪੁਲਿਸ ਭੇਜਣਾ ਜਮਹੂਰੀ (ਲੋਕਤੰਤਰੀ) ਮੁੱਲਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਚੁੱਕਣ ਦਾ ਪੂਰਾ ਲੋਕਤੰਤਰੀ ਹੱਕ ਹੈ ਤੇ ਪੰਜਾਬ ਕਾਂਗਰਸ ਉਨ੍ਹਾਂ ਦੇ ਹਰ ਸੰਘਰਸ਼ 'ਚ ਮਜ਼ਬੂਤੀ ਨਾਲ ਨਾਲ ਖੜ੍ਹੀ ਰਹੇਗੀ।ਜ਼ਰੂਰਤ ਪੈਣ 'ਤੇ ਕਾਂਗਰਸ ਵਰਕਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨਗੇ।ਹਾਲ ਹੀ 'ਚ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨਾਲ ਕੈਪਸ਼ਨ 'ਚ ਲਿਖਿਆ ਗਿਆ ਹੈ, ''ਅਸੀਂ ਗਲਤ ਅੱਗੇ ਝੁੱਕਣਾ ਨਹੀਂ, ਸਗੋਂ ਹਿੱਕ ਠੋਕ ਕੇ ਖੜ੍ਹਨਾ ਸਿੱਖਿਆ ਹੈ… ਸੰਸਦ ਪਰਿਸਰ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਬਦਸਲੂਕੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।'' ਇਨ੍ਹਾਂ ਤਸਵੀਰਾਂ 'ਚ ਰਾਜਾ ਵੜਿੰਗ ਕਾਲੇ ਕੱਪੜਿਆਂ 'ਚ ਨਜ਼ਰ ਆ ਰਿਹਾ ਹੈ। ਉਥੇ ਹੀ ਰਾਹੁਲ ਗਾਂਧੀ ਵੀ ਸੰਸਦ ਕਾਲੇ ਕੱਪੜੇ ਪਾ ਕੇ ਪਹੁੰਚੇ ਹਨ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਸੰਸਦ ਪਹੁੰਚ ਰਹੇ ਹਨ ਅਤੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਦੱਸਣਯੋਗ ਹੈ ਕਿ ਰਾਜਾ ਵੜਿੰਗ ਨੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੌਰਾਨ ਬੱਚਿਆਂ ਨਾਲ ਹੋਏ ਕਥਿਤ ਦੁਰਵਿਵਹਾਰ ਦੀ ਵੀ ਕਰੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੈਂਕੜੇ ਵਾਰ ਪੇਪਰ ਲੀਕ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਜਵਾਬਦੇਹੀ ਤੈਅ ਨਹੀਂ ਕਰ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਵਾਰ-ਵਾਰ ਹੋ ਰਹੇ ਪੇਪਰ ਲੀਕ ਦਾ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਸਾਰੀਆਂ ਵਿਰੋਧੀ ਧਿਰਾਂ ਨੌਜਵਾਨਾਂ ਤੇ ਵਿਦਿਆਰਥੀਆਂ ਨਾਲ ਮਜ਼ਬੂਤੀ ਨਾਲ ਖੜ੍ਹੀਆਂ ਹਨ।ਵੜਿੰਗ ਨੇ ਦਾਅਵਾ ਕੀਤਾ ਕਿ ਪੇਪਰ ਲੀਕ ਦੇ ਮੁੱਦੇ 'ਤੇ ਚਰਚਾ ਕਰਵਾਉਣ ਲਈ ਵਿਰੋਧੀ ਧਿਰ ਨੇ ਸੋਮਵਾਰ ਨੂੰ ਸੰਸਦ ਦੀ ਕਾਰਵਾਈ ਸੱਤ ਵਾਰ ਮੁਲਤਵੀ ਕਰਵਾਈ, ਪਰ ਸਰਕਾਰ ਇਸ ਗੰਭੀਰ ਵਿਸ਼ੇ 'ਤੇ ਚਰਚਾ ਤੋਂ ਬਚਦੀ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ 'ਤੇ ਕਾਂਗਰਸ ਲਗਾਤਾਰ ਆਵਾਜ਼ ਉਠਾਉਂਦੀ ਰਹੇਗੀ।