ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ! ਇਸ ਨਾਮੀ ਅਦਾਕਾਰਾ ਦਾ ਹੋਇਆ ਦਿਹਾਂਤ
ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਸ਼ਹੂਰ ਹਰਿਆਣਵੀ ਅਦਾਕਾਰਾ ਦਿਵਿਆਂਕਾ ਸਿਰੋਹੀ (30) ਦਾ ਦਿਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਯੂਪੀ ਦੇ ਗਾਜ਼ੀਆਬਾਦ ਸਥਿਤ ਉਨ੍ਹਾਂ ਦੇ ਘਰ ਵਿੱਚ ਅਚਾਨਕ ਤਬੀਅਤ ਵਿਗੜ ਗਈ, ਜਿਸ ਕਾਰਨ ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਪਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਪਰਿਵਾਰ ਵਾਲੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
50 ਤੋਂ ਵੱਧ ਹਰਿਆਣਵੀ ਗੀਤਾਂ 'ਚ ਕੀਤਾ ਕੰਮ
ਦਿਵਿਆਂਕਾ (Divyanka Sirohi) ਨੇ ਆਪਣੇ ਕਰੀਅਰ ਵਿੱਚ 50 ਤੋਂ ਵੱਧ ਹਰਿਆਣਵੀ ਗਾਣਿਆਂ ਵਿੱਚ ਕੰਮ ਕੀਤਾ ਸੀ ਅਤੇ ਉਹ ਮਾਸੂਮ ਸ਼ਰਮਾ, ਅਮਿਤ ਸੈਣੀ ਰੋਹਤਕੀਆ ਤੇ ਕੇਡੀ ਵਰਗੇ ਵੱਡੇ ਕਲਾਕਾਰਾਂ ਨਾਲ ਵੀ ਨਜ਼ਰ ਆ ਚੁੱਕੀ ਸੀ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫੀ ਲੋਕਪ੍ਰਿਯਤਾ ਸੀ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 1.3 ਮਿਲੀਅਨ ਫਾਲੋਅਰਜ਼ ਹਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਹਰਿਆਣਵੀ ਮਨੋਰੰਜਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।