ਤੁੰਬਾਡ 2 ਵਿੱਚ ਆਲੀਆ ਭੱਟ ਦੀ ਸਰਪ੍ਰਾਈਜ਼ ਐਂਟਰੀ
ਮੁੰਬਈ, 18 ਮਈ (ਨਿਊਜ਼ ਡੈਸਕ): ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਸ ਸਮੇਂ ਆਪਣੇ ਕਰੀਅਰ ਦੇ ਬਹੁਤ ਹੀ ਰੁਝੇ ਹੋਏ ਅਤੇ ਦਿਲਚਸਪ ਦੌਰ ਵਿੱਚ ਹਨ। ਵੱਡੇ ਪ੍ਰੋਜੈਕਟਾਂ ਦੀ ਲੜੀ ਵਿਚ ਹੁਣ ਉਨ੍ਹਾਂ ਨਾਲ ਇੱਕ ਹੋਰ ਸਰਪ੍ਰਾਈਜ਼ ਜੁੜ ਗਿਆ ਹੈ। ਖਬਰਾਂ ਮੁਤਾਬਕ, ਉਹ ਕਲਟ ਫਿ਼ਲਮ ਦੇ ਸੀਕਵਲ ‘ਤੁੰਬਾਡ 2’ ਵਿੱਚ ਖਾਸ ਭੂਮਿਕਾ ਨਿਭਾਉਣ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਇਹ ਰੋਲ ਭਾਵੇਂ ਕੈਮਿਓ ਹੋਵੇਗਾ, ਪਰ ਕਹਾਣੀ ਵਿੱਚ ਇਸਦੀ ਮਹੱਤਤਾ ਕਾਫ਼ੀ ਵੱਡੀ ਮੰਨੀ ਜਾ ਰਹੀ ਹੈ। ਆਲੀਆ ਦਾ ਕਿਰਦਾਰ ਫਿ਼ਲਮ ਦੇ ਇਕ ਅਹਿਮ ਮੋੜ `ਤੇ ਨਜ਼ਰ ਆਵੇਗਾ, ਜੋ ਕਹਾਣੀ ਵਿੱਚ ਨਵਾਂ ਰੁਖ ਲਿਆ ਸਕਦਾ ਹੈ। ਉਨ੍ਹਾਂ ਨੇ ਮੁੰਬਈ ਦੇ ਮਡ ਆਇਲੈਂਡ ਵਿੱਚ ਦੋ ਦਿਨਾਂ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ।
ਫਿ਼ਲਮ ਨਾਲ ਜੁੜੇ ਸਰੋਤਾਂ ਦੇ ਮੁਤਾਬਕ, ਮੇਕਰਜ਼ ਨੂੰ ਇੱਕ ਅਜਿਹੇ ਚਿਹਰੇ ਦੀ ਲੋੜ ਸੀ ਜੋ ਘੱਟ ਸਕਰੀਨ ਟਾਈਮ ਵਿੱਚ ਵੀ ਕਹਾਣੀ ਵਿੱਚ ਗਹਿਰਾਈ ਅਤੇ ਰਹੱਸ ਜੋੜ ਸਕੇ। ਆਲੀਆ ਭੱਟ ਨੂੰ ਇਸ ਭੂਮਿਕਾ ਲਈ ਬਿਹਤਰ ਚੋਣ ਮੰਨਿਆ ਗਿਆ, ਕਿਉਂਕਿ ਉਹ ਛੋਟੇ ਰੋਲ ਵਿੱਚ ਵੀ ਵੱਡਾ ਪ੍ਰਭਾਵ ਛੱਡਣ ਦੀ ਸਮਰੱਥਾ ਰੱਖਦੇ ਹਨ।
ਇਸਦੇ ਨਾਲ ਨਾਲ, ਆਲੀਆ ਭੱਟ ਆਪਣੀ ਆਉਣ ਵਾਲੀ ਫਿ਼ਲਮ ‘ਲਵ ਐਂਡ ਵਾਰ’ ਵਿੱਚ ਵੀ ਨਜ਼ਰ ਆਉਣਗੇ, ਜਿਸ ਵਿੱਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ ਅਤੇ ਵਿੱਕੀ ਕੌਸ਼ਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਖਬਰਾਂ ਮੁਤਾਬਕ, ਇਸ ਫਿ਼ਲਮ ਵਿੱਚ ਆਲੀਆ ਇੱਕ ਜਾਂਬਾਜ਼ ਸੈਨਿਕ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ, ਜੋ ਉਨ੍ਹਾਂ ਦੇ ਕਰੀਅਰ ਲਈ ਇੱਕ ਨਵਾਂ ਅਤੇ ਮਜ਼ਬੂਤ ਰੋਲ ਹੋਵੇਗਾ।
ਫਿ਼ਲਮ ਦੀ ਸ਼ੂਟਿੰਗ ਇਸ ਵੇਲੇ ਮੁੰਬਈ ਵਿੱਚ ਚੱਲ ਰਹੀ ਹੈ, ਜਿੱਥੇ ਭਾਰਤੀ ਫੌਜ ਦੇ ਵੱਖ-ਵੱਖ ਪੱਖਾਂ ਨੂੰ ਵੱਡੇ ਪੱਧਰ `ਤੇ ਦਰਸਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਬਹੁਤ ਹੀ ਗੰਭੀਰਤਾ ਨਾਲ ਤਿਆਰ ਕਰ ਰਹੇ ਹਨ ਅਤੇ ਅਦਾਕਾਰਾਂ ਤੋਂ ਲੰਬੀਆਂ ਤਰੀਕਾਂ ਲਈਆਂ ਗਈਆਂ ਹਨ।
ਇਸ ਤੋਂ ਇਲਾਵਾ, ਆਲੀਆ ਦੀ ਸਪਾਈ ਡ੍ਰਾਮਾ ਫਿ਼ਲਮ ‘ਅਲਫਾ’ ਵੀ ਆਪਣੇ ਆਖ਼ਰੀ ਪੜਾਅ ਵਿੱਚ ਹੈ, ਜਿਸ ਨਾਲ ਉਹ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਇਕ ਹੋਰ ਨਵੇਂ ਅਵਤਾਰ ਵਿੱਚ ਆਉਣ ਲਈ ਤਿਆਰ ਹਨ।