ਈਰਾਨ ਛੇਤੀ ਹੋਰਮੁਜ਼ ਜਲਮਾਰਗ ਲਈ ਨਵਾਂ ਟ੍ਰੈਫਿਕ ਸਿਸਟਮ ਲਿਆਵੇਗਾ, ਖਾਸ ਸੇਵਾਵਾਂ ਲਈ ਟੈਕਸ ਲੱਗਣ ਦੀ ਕਹੀ ਗੱਲ
ਤਹਿਰਾਨ, 18 ਮਈ (ਨਿਊਜ਼ ਡੈਸਕ): ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਚੇਅਰਮੈਨ ਇਬਰਾਹੀਮ ਅਜ਼ੀਜ਼ੀ ਨੇ ਕਿਹਾ ਹੈ ਕਿ ਈਰਾਨ ਜਲਦ ਹੀ ਹੋਰਮੁਜ਼ ਜਲਮਾਰਗ ਵਿੱਚ ਜਹਾਜ਼ਾਂ ਦੀ ਆਵਾਜਾਈ ਲਈ ਨਵਾਂ ਟ੍ਰੈਫਿਕ ਸਿਸਟਮ ਲਾਗੂ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਪ੍ਰਬੰਧ ਈਰਾਨ ਦੀ ਖੁਦਮੁਖਤਿਆਰੀ ਅਤੇ ਅੰਤਰਰਾਸ਼ਟਰੀ ਵਪਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਬਰਾਈਮ ਅਜ਼ੀਜ਼ੀ ਮੁਤਾਬਕ, ਨਵੇਂ ਸਿਸਟਮ ਦਾ ਲਾਭ ਕੇਵਲ ਉਹੀ ਵਪਾਰਕ ਜਹਾਜ਼ ਅਤੇ ਦੇਸ਼ ਲੈ ਸਕਣਗੇ ਜੋ ਈਰਾਨ ਨਾਲ ਸਹਿਯੋਗ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਣਾਲੀ ਤਹਿਤ ਦਿੱਤੀਆਂ ਜਾਣ ਵਾਲੀਆਂ ਖਾਸ ਸੇਵਾਵਾਂ ਲਈ ਟੈਕਸ ਵੀ ਵਸੂਲਿਆ ਜਾਵੇਗਾ।
ਇਸੇ ਦੌਰਾਨ, ਈਰਾਨ ਦੇ ਸਰਵਊਚ ਆਗੂ ਮੁਜਤਬਾ ਖਾਮਨੇਈ ਦੇ ਸਲਾਹਕਾਰ ਮੁਹੰਮਦ ਮੋਖਬਰ ਨੇ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਈਰਾਨ ਨੇ ਹੁਣ ਤੱਕ ਸੰਯਮ ਦਿਖਾਇਆ ਹੈ, ਪਰ ਇਹ ਹਮੇਸ਼ਾ ਜਾਰੀ ਨਹੀਂ ਰਹੇਗਾ।
ਮੋਖਬਰ ਨੇ ਦੋਸ਼ ਲਗਾਇਆ ਕਿ ਇਨ੍ਹਾਂ ਦੇਸ਼ਾਂ ਨੇ ਆਪਣੀ ਧਰਤੀ ਨੂੰ ਈਰਾਨ ਦੇ ਵਿਰੋਧੀਆਂ ਲਈ ਵਰਤੋਂ ਵਾਸਤੇ ਖੁੱਲ੍ਹਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਰਾਨ ਨੇ ਲੰਬੇ ਸਮੇਂ ਤੱਕ ਇਨ੍ਹਾਂ ਨੂੰ ਦੋਸਤ ਅਤੇ ਭਰਾ ਸਮਝਿਆ, ਪਰ ਹੁਣ ਉਨ੍ਹਾਂ ਨੇ ਆਪਣੀ ਖੁਦਮੁਖਤਿਆਰੀ ਤੱਕ ਵੇਚ ਦਿੱਤੀ ਹੈ ਅਤੇ ਆਪਣੀ ਧਰਤੀ ਦੁਸ਼ਮਣਾਂ ਨੂੰ ਵਰਤਣ ਲਈ ਦੇ ਦਿੱਤੀ ਹੈ।