ਨੀਦਰਲੈਂਡ ਤੋਂ 1000 ਸਾਲ ਪੁਰਾਣੇ ਤਾਮਿਲ ਦਸਤਾਵੇਜ਼ ਲਿਆਂਦੇ ਜਾਣਗੇ ਭਾਰਤ
ਐਮਸਟਰਡਮ, 18 ਮਈ (ਨਿਊਜ਼ ਡੈਸਕ): ਨਰਿੰਦਰ ਮੋਦੀ ਦੀ ਨੀਦਰਲੈਂਡ ਯਾਤਰਾ ਦੌਰਾਨ 11ਵੀਂ ਸਦੀ ਦੀਆਂ ਇਤਿਹਾਸਕ ਚੋਲ ਤਾਮਰ ਪੱਟਿਕਾਵਾਂ ਨੂੰ ਭਾਰਤ ਵਾਪਿਸ ਲਿਆਉਣ ਲਈ ਸਮਝੌਤਾ ਹੋਇਆ ਹੈ। ਇਹ ਲਗਭਗ 1000 ਸਾਲ ਪੁਰਾਣੇ ਤਾਮਿਲ ਦਸਤਾਵੇਜ਼ ਹਨ, ਜਿਨ੍ਹਾਂ ਵਿੱਚ ਚੋਲ ਸਾਮਰਾਜ ਨਾਲ ਸੰਬੰਧਤ ਮਹੱਤਵਪੂਰਨ ਇਤਿਹਾਸਕ ਜਾਣਕਾਰੀਆਂ ਦਰਜ ਹਨ।
ਸਮਝੌਤੇ ਅਨੁਸਾਰ, 11ਵੀਂ ਸਦੀ ਦੀਆਂ ਇਹ ਚੋਲ ਤਾਮਰ ਪੱਟਿਕਾਵਾਂ ਜਲਦ ਹੀ ਭਾਰਤ ਲਿਆਂਦੀਆਂ ਜਾਣਗੀਆਂ। ਇਹ 21 ਵੱਡੀਆਂ ਅਤੇ 3 ਛੋਟੀਆਂ ਤਾਂਬੇ ਦੀਆਂ ਪਲੇਟਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿੱਚ ਜਿ਼ਆਦਾਤਰ ਲਿਖਤ ਤਾਮਿਲ ਭਾਸ਼ਾ ਵਿੱਚ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਪੱਟਿਕਾਵਾਂ ਵਿੱਚ ਚੋਲ ਸ਼ਾਸਕ ਰਾਜਿੰਦਰ ਚੋਲ ਪਹਿਲਾ ਅਤੇ ਉਨ੍ਹਾਂ ਦੇ ਪਿਤਾ ਰਾਜਰਾਜਾ ਚੋਲ ਪਹਿਲਾ ਨਾਲ ਜੁੜੀ ਜਾਣਕਾਰੀ ਦਰਜ ਹੈ।
ਤਾਮਰ ਪੱਟਿਕਾਵਾਂ ਤਾਂਬੇ ਦੀਆਂ ਉਹ ਪਲੇਟਾਂ ਹੁੰਦੀਆਂ ਸਨ ਜਿਨ੍ਹਾਂ `ਤੇ ਪੁਰਾਤਨ ਸਮੇਂ ਵਿੱਚ ਅਹਿਮ ਫ਼ੈਸਲੇ, ਦਾਨ, ਜ਼ਮੀਨੀ ਰਿਕਾਰਡ ਅਤੇ ਰਾਜਸੀ ਹੁਕਮ ਲਿਖੇ ਜਾਂਦੇ ਸਨ। ਮਾਹਿਰਾਂ ਅਨੁਸਾਰ 19ਵੀਂ ਸਦੀ ਵਿੱਚ ਜਦੋਂ ਯੂਰਪੀ ਦੇਸ਼ ਭਾਰਤ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਵਿੱਚ ਵਪਾਰ ਅਤੇ ਖੋਜ ਕਰ ਰਹੇ ਸਨ, ਉਸ ਦੌਰਾਨ ਇਹ ਦਸਤਾਵੇਜ਼ ਵਿਦੇਸ਼ ਲਿਜਾਏ ਗਏ ਸਨ।
ਇਸ ਦੌਰਾਨ ਦ ਹੈਗ ਵਿੱਚ ਟਾਟਾ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿੱਚ Tata Electronics ਅਤੇ ASML ਵਿਚਾਲੇ ਵੀ ਸਮਝੌਤਾ ਹੋਇਆ। ਇਹ ਕਰਾਰ ਸੈਮੀਕੰਡਕਟਰ ਅਤੇ ਚਿਪ ਤਕਨਾਲਾਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਕੀਤਾ ਗਿਆ ਹੈ।
ਦੁਨੀਆਂ ਦੀਆਂ ਪ੍ਰਮੁੱਖ ਚਿਪ ਮਸ਼ੀਨ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਿਲ ਹੈ, ਜਦਕਿ Tata Electronics ਭਾਰਤ ਵਿੱਚ ਸੈਮੀਕੰਡਕਟਰ ਖੇਤਰ ਵਿੱਚ ਆਪਣਾ ਨਿਵੇਸ਼ ਵਧਾ ਰਹੀ ਹੈ।
ਮੋਦੀ ਨੇ ਸ਼ਨੀਵਾਰ ਨੂੰ ਦ ਹੈਗ ਵਿੱਚ ਨੀਦਰਲੈਂਡ ਦੇ ਰਾਜਾ ਵਿਲੇਮ-ਅਲੈਕਜ਼ੈਂਡਰ ਅਤੇ ਰਾਣੀ ਮੈਕਸਿਮਾ ਨਾਲ ਵੀ ਮੁਲਾਕਾਤ ਕੀਤੀ। ਇਹ ਮੁਲਾਕਾਤ ਸ਼ਾਹੀ ਮਹਿਲ ਪੈਲੇਸ ਹਾਊਸ ਟੈਨ ਬੋਸ਼ ਵਿੱਚ ਹੋਈ।