ਇੱਕ ਪੰਜਾਬੀ ਨੌਜਵਾਨ ਵੱਲੋਂ ਚੋਰੀਆਂ ਕਰਨ ਦਾ ਸਨਸਨੀਖੇਜ਼ ਮਾਮਲਾ
ਆਸਟ੍ਰੇਲੀਆ ਵਿੱਚ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਵੱਲੋਂ ਚੋਰੀਆਂ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਇਹ ਨੌਜਵਾਨ ਲੁਕ ਕੇ ਰਹਿ ਰਿਹਾ ਸੀ ਅਤੇ ਗੁਜ਼ਾਰੇ ਲਈ ਉਸ ਨੇ ਚੋਰੀ ਦਾ ਰਾਹ ਫੜ ਲਿਆ। ਉਸ ਨੇ ਇੱਕ-ਦੋ ਨਹੀਂ, ਸਗੋਂ 68 ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਹੁਣ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਉਸ ਨੂੰ ਲਗਭਗ 1 ਕਰੋੜ ਰੁਪਏ (ਆਸਟ੍ਰੇਲੀਆਈ ਡਾਲਰਾਂ ਦੀ ਕੀਮਤ ਅਨੁਸਾਰ) ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
87 ਕੇਸ ਹੋ ਚੁੱਕੇ ਦਰਜ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਵਿਰੁੱਧ ਹੁਣ ਤੱਕ ਕੁੱਲ 87 ਕੇਸ ਦਰਜ ਹੋ ਚੁੱਕੇ ਹਨ। ਦੋਸ਼ੀ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸੁਪਰਮਾਰਕੀਟਾਂ ਅਤੇ ਸਟੋਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਉਹ ਸਟੋਰਾਂ ਵਿੱਚੋਂ ਮਹਿੰਗੇ ਇਲੈਕਟ੍ਰਿਕ ਟੂਥਬਰੱਸ਼, ਰੇਜ਼ਰ, ਵਿਟਾਮਿਨ ਦੀਆਂ ਗੋਲੀਆਂ ਅਤੇ ਸਕਿਨਕੇਅਰ ਪ੍ਰੋਡਕਟਸ ਚੋਰੀ ਕਰਦਾ ਸੀ ਅਤੇ ਫਿਰ ਇਨ੍ਹਾਂ ਨੂੰ ਬਲੈਕ ਮਾਰਕੀਟ ਵਿੱਚ ਵੇਚ ਦਿੰਦਾ ਸੀ।